5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ – ਵੀਡੀਓ ਖ਼ਬਰ

ਮਹਾਨ ਸਿੱਖ ਧਰਮ ਦੇ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ (ਲਾਤੀਨਾ) ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਪਹਿਲੀ ਵਾਰ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ।ਨਗਰ ਕੀਰਤਨ ਦੁਪਿਹਰ ਸਮੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ  ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਪੁਨਤੀਨੀਆ ਸ਼ਹਿਰ ਦੇ ਮੁੱਖ ਚੌਂਕ ਤੋਂ ਆਰੰਭ ਹੁੰਦਿਆਂ ਹੋਇਆ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਵਾਪਸ ਮੁੱਖ ਚੌਂਕ ਵਿੱਚ ਹੀ ਸਮਾਪਤ ਹੋਇਆ।ਇਸ ਮੌਕੇ ਨਗਰ ਕੀਰਤਨ ਦੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਪ੍ਰਸ਼ਾਦ ,ਠੰਡੇ ਮਿੱਠੇ ਜਲ ਤੇ ਦੁੱਧ ਆਦਿ ਦੀਆਂ ਛਬੀਲਾਂ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।ਪੁਨਤੀਨੀਆਂ ਸ਼ਹਿਰ (ਜਿੱਥੇ ਕਿ ਪੰਜਾਬੀ ਕਮਿਊਨਿਟੀ ਦੇ ਲੋਕ ਬਹੁ-ਗਿਣਤੀ ਵਿੱਚ ਰੈਣ ਬਸੇਰਾ ਕਰਦੇ ਹਨ )ਵਿਖੇ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਜਾਏ ਇਸ ਵਿਸ਼ਾਲ ਪਹਿਲੇ ਨਗਰ ਕੀਰਤਨ ਮੌਕੇ ਬੇਸ਼ੱਕ ਅੱਤ ਗਰਮੀ ਸੀ ਪਰ ਬਹੁਤੀਆਂ ਸੰਗਤਾਂ ਨੇ ਗਰਮੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੇ ਸਵਾਰੀ ਦੇ ਨਾਲ-ਨਾਲ ਹਾਜ਼ਰੀ ਭਰਕੇ ਸ਼ਰਧਾ -ਭਾਵਨਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ।ਬੀਬੀਆਂ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਨੇਕਾਂ ਹੀ ਸ਼ਬਦ ਜੋਸ਼ੀਲੇ ਲਹਿਜੇ ਵਿੱਚ ਗਾਕੇ ਨਗਰ ਕੀਰਤਨ ਦੌਰਾਨ ਸਮੁੱਚੀਆ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਇਸ ਪਹਿਲੇ ਨਗਰ ਕੀਰਤਨ ਦੌਰਾਨ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ”ਦੇ ਜੈਕਾਰਿਆ ਨਾਲ ਸਾਰਾ ਪੁਨਤੀਨੀਆਂ ਸਹਿਰ ਗੂੰਜ ਉੱੱਠਿਆ ਜਿਹੜਾ ਕਿ ਇਟਾਲੀਅਨ ਲੋਕਾਂ ਲਈ ਹੈਰਾਨੀਨੁਮਾ ਕਾਰਵਾਈ ਸੀ ।ਇਟਾਲੀਅਨ ਲੋਕਾਂ ਨੇ ਪੂਰਾ ਸਮਾਂ ਨਗਰ ਕੀਰਤਨ ਨੂੰ ਬਹੁਤ ਹੀ ਦਿਲਚਸਪੀ ਅਤੇ ਚਾਅ ਨਾਲ ਦੇਖਿਆ ਤੇ ਨਾਲ-ਨਾਲ ਸੇਵਾਦਾਰਾਂ ਵੱਲੋਂ ਵਰਤਾਏ ਜਾ ਰਹੇ ਸਾਰੇ ਪ੍ਰਸ਼ਾਦਾਂ ਨੂੰ ਛੱਕਿਆ ।ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸੱਜਦਾ ਕਰਦਿਆਂ ਕਿਹਾ ਗਿਆ ਕਿ ਸੰਗਤਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਕੁਰਬਾਨੀ ਤੋਂ ਸਿੱਖਿਆ ਲੈਕੇ ਮਹਾਨ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਨਗਰ ਕੀਰਤਨ ਵਿੱਚ ਰੋਮ,ਲਵੀਨਿਓ,ਫੌਂਦੀ,ਬੋਰਗੋ ਹਰਮਾਦਾ,ਸੰਨਵੀਤੋ,ਵਿਲੈਤਰੀ ਆਦਿ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸਮੂਲੀਅਤ ਕੀਤੀ।

-ਦਲਵੀਰ ਕੈਂਥ
ਪੰਜਾਬ ਐਕਸਪ੍ਰੈੱਸ, ਟੀ ਵੀ (ਇਟਲੀ)
(Visited 78 times, 1 visits today)

You might be interested in