ਗੱਤਕਾ ਨਿਯਮਾਂਵਲੀ ਵਿੱਦਿਅਕ ਅਦਾਰਿਆਂ ‘ਚ ਹੁੰਦੇ ਟੂਰਨਾਮੈਂਟਾਂ ‘ਚ ਹੋਵੇਗੀ ਲਾਗੂ-ਗਰੇਵਾਲ

ਚੰਡੀਗੜ 14 ਦਸੰਬਰ : ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਗੱਤਕੇ ਦਾ ਪਸਾਰ ਕਰਨ ਖਾਸ ਕਰ ਲੜਕੀਆਂ ਨੂੰ ਜੰਗਜੂ ਕਲਾ ਗੱਤਕਾ ਖੇਡ ਦੀ ਸਿਖਲਾਈ ਦੇਣ ਲਈ ਕਿਹਾ ਹੈ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਪੁਰਾਤਨ ਵਿਰਾਸਤ ਨਾਲ ਜੋੜਿਆ ਅਤੇ ਜਾਗਰੂਕ ਕੀਤਾ ਜਾ ਸਕੇ।

ਅੱਜ ਇਥੇ ਪੰਜਾਬ ਰਾਜ ਭਵਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵਲੋਂ ਸੰਪਾਦਿਤ ‘ਗੱਤਕਾ ਰੂਲਜ਼ ਐਂਡ ਰੈਗੂਲੇਸ਼ਨਜ਼-2017’ ਨਾਮੀ ਪੁਸਤਕ ਦੀ ਘੁੰਢ ਚੁਕਾਈ ਦੌਰਾਨ ਐਨ.ਜੀ.ਏ.ਆਈ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਇਹ ਪੁਰਾਤਨ ਕਲਾ ਦੇਸ਼ ਵਿਚ ਇਤਿਹਾਸਕ ਮਹੱਤਤਾ ਰੱਖਦੀ ਹੈ ਅਤੇ ਪੀੜ੍ਹੀ ਦਰ ਪੀੜੀ ਨੌਜਵਾਨਾਂ ਨੂੰ ਇਸ ਰਵਾਇਤੀ ਖੇਡ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾਣਾ ਮੌਜੂਦਾ ਸਮੇਂ ਵਿੱਚ ਬਹੁਤ ਜਰੂਰੀ ਹੈ।

ਦੇਸ਼-ਵਿਦੇਸ਼ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਐਨ.ਜੀ.ਏ.ਆਈ. ਵੱਲੋਂ ਆਰੰਭੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਸਿੱਖ ਮਾਰਸ਼ਲ ਆਰਟ ਦੇ ਇਤਿਹਾਸ ਪ੍ਰਤੀ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਇਸ ਮੌਕੇ ਮੌਜੂਦ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਸਾਲ 1936 ਵਿਚ ਮੇਜਰ ਕਰਤਾਰ ਸਿੰਘ ਅਕਾਲੀ ਦੁਆਰਾ ਲਿਖੀ ਦੁਰਲੱਭ ਅਤੇ ਪੁਰਾਣੀ ਗੱਤਕਾ ਨਿਯਮਾਂਵਲੀ ‘ਦਿ ਆਰਟ ਆਫ ਗੱਤਕਾ ਫਾਈਟਿੰਗ’ ਨੂੰ ਦੁਬਾਰਾ ਪ੍ਰਕਾਸ਼ਤ ਕਰਵਾਉਣ ਅਤੇ ਉਨਾਂ ਇਸ ਕਾਜ ਲਈ ਸਵੈ-ਇੱਛਕ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ‘ਤੇ ਐਨ.ਜੀ.ਏ.ਆਈ. ਦੇ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਗਰੇਵਾਲ ਨੇ ਰਾਜਪਾਲ ਪੰਜਾਬ ਨੂੰ ਦੱਸਿਆ ਕਿ ਸਾਲ 2004 ਵਿਚ ਰਜਿਸਟਰਡ ਹੋਈ ਇਹ ਜਥੇਬੰਦੀ ਸਭ ਤੋਂ ਪੁਰਾਣੀ ਰਾਸ਼ਟਰੀ ਖੇਡ ਸੰਸਥਾ ਹੈ ਜੋ ਸਰਗਰਮੀ ਨਾਲ ਇਸ ਮਹਾਨ ਕਲਾ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਤ ਕਰਨ ਲਈ ਪਹਿਲਕਦਮੀਆਂ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਐਨ.ਜੀ.ਏ.ਆਈ. ਦੇ ਮੁੱਖ ਉਦੇਸ਼ਾਂ ਵਿੱਚ ਗੱਤਕੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਵਜੋਂ ਢੁੱਕਵੀਂ ਮਾਨਤਾ ਅਤੇ ਬਣਦਾ ਰੁਤਬਾ ਦਿਵਾਉਣ ਤੋਂ ਇਲਾਵਾ ਹਰਮਨਪਿਆਰੀ ਖੇਡ ਬਣਾਉਣਾ ਸ਼ਾਮਲ ਹਨ। ਗੱਤਕਾ ਪ੍ਰੋਮੋਟਰ ਸ੍ਰੀ ਗਰੇਵਾਲ ਨੇ ਦੱਸਿਆ ਕਿ ਇਹ ਗੱਤਕਾ ਨਿਯਮਾਂਵਲੀ ਕੌਮੀ ਪੱਧਰ ‘ਤੇ ਹਰ ਤਰ੍ਹਾਂ ਦੇ ਵਿੱਦਿਅਕ ਅਦਾਰਿਆਂ ਵਿੱਚ ਕਰਵਾਏ ਜਾਂਦੇ ਗੱਤਕਾ ਟੂਰਨਾਮੈਂਟਾਂ ਵਿਚ ਲਾਗੂ ਹੋਵੇਗੀ ਤਾਂ ਜੋ ਗੱਤਕੇ ਨੂੰ ਨਿਯਮਾਂ ਅਨੁਸਾਰ ਇਕ ਮੁਕਾਬਲੇਬਾਜ਼ੀ ਵਾਲੀ ਖੇਡ ਵਜੋਂ ਖੇਡਿਆ ਜਾ ਸਕੇ।

ਇਸ ਮੌਕੇ ਐਨ.ਜੀ.ਏ.ਆਈ. ਦੇ ਸੀਨੀਅਰ ਉਪ ਪ੍ਰਧਾਨ ਰਘਬੀਰ ਚੰਦ ਸ਼ਰਮਾ ਤੇ ਅਵਤਾਰ ਸਿੰਘ ਮੁੱਖ ਗੱਤਕਾ ਕੋਚ, ਸੰਯੁਕਤ ਸਕੱਤਰ ਚਿਤਮਨਜੀਤ ਸਿੰਘ ਗਰੇਵਾਲ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਇਸਮਾ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਰਾਜਪੁਰਾ ਕੌਮੀ ਗੱਤਕਾ ਕੋਚ, ਜੋਗਿੰਦਰਪਾਲ ਤੇ ਹਰਸ਼ਵੀਰ ਸਿੰਘ ਸ਼ਾਮਲ ਸਨ।

(Visited 40 times, 1 visits today)

You might be interested in